Japu Guru Nanak Dev Ji / ਜਪੁ ਗੁਰੂ ਨਾਨਕ ਦੇਵ ਜੀ

ਜਪੁ

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

(ੴ ਦਾ ਉੱਚਾਰਨ ਹੈ ” ਇਕ (ਏਕ) ਓਅੰਕਾਰ”
ਅਤੇ ਇਸਦਾ ਅਰਥ ਹੈ “ਇਕ ਅਕਾਲ ਪੁਰਖ, ਜੋ
ਇਕ-ਰਸ ਵਿਆਪਕ ਹੈ”, ਸਤਿਨਾਮੁ=ਉਹ ਇਕ
ਓਅੰਕਾਰ, ਜਿਸ ਦਾ ਨਾਮ ਹੈ ਹੋਂਦ ਵਾਲਾ, ਕਰਤਾ
ਪੁਰਖੁ=ਜੋ ਸਾਰੇ ਜਗਤ ਵਿਚ ਵਿਆਪਕ ਹੈ, ਅਕਾਲ
ਮੂਰਤਿ=ਕਾਲ ਰਹਿਤ ਸਰੂਪ, ਅਜੂਨੀ= ਜੂਨ-ਰਹਿਤ,
ਸੈਭੰ=ਸ੍ਵਯੰਭੂ (ਸ੍ਵ-ਸ੍ਵਯੰ । ਭੰ-ਭੂ) ਆਪਣੇ ਆਪ ਤੋਂ
ਹੋਣ ਵਾਲਾ, ਗੁਰ ਪ੍ਰਸਾਦਿ=ਗੁਰੂ ਦੀ ਕਿਰਪਾ ਨਾਲ;
ਇਹ ਉਪਰੋਕਤ ਗੁਰਸਿੱਖੀ ਦਾ ਮੂਲ-ਮੰਤਰ ਹੈ । ਇਸ
ਤੋਂ ਅਗਾਂਹ ਲਿਖੀ ਗਈ ਬਾਣੀ ਦਾ ਨਾਮ ਹੈ ‘ਜਪੁ’)

 

॥ ਜਪੁ ॥
ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥

(ਆਦਿ=ਮੁੱਢ ਤੋਂ, ਸਚੁ=ਜਿਸ ਦੀ ਹੋਂਦ ਹੈ)

 

ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥
ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥
ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥

(ਸੋਚੈ=ਸੁਚਿ ਰੱਖਣ ਨਾਲ, ਪਵਿੱਤਰਤਾ ਕਾਇਮ ਰੱਖਣ
ਨਾਲ, ਸੋਚਿ=ਪਵਿੱਤਰਤਾ,ਸੁੱਚ, ਸੋਚੀ=ਮੈਂ ਸੁੱਚ ਰੱਖਾਂ,
ਚੁਪ=ਸ਼ਾਂਤੀ, ਮਨ ਦੀ ਚੁੱਪ, ਲਿਵ ਤਾਰ=ਲਿਵ ਦੀ
ਤਾਰ, ਇਕ-ਤਾਰ ਸਮਾਧੀ, ਭੁਖ=ਤ੍ਰਿਸ਼ਨਾ,ਲਾਲਚ,
ਬੰਨਾ=ਬੰਨ੍ਹ ਲਵਾਂ, ਪੁਰੀ=ਲੋਕ, ਭਾਰ=ਪਦਾਰਥਾਂ ਦੇ
ਸਮੂਹ, ਸਹਸ=ਹਜ਼ਾਰਾਂ, ਸਿਆਣਪਾ=ਚਤੁਰਾਈਆਂ,
ਹੋਹਿ=ਹੋਵਣ, ਕਿਵ=ਕਿਸ ਤਰ੍ਹਾਂ, ਹੋਈਐ=ਹੋ ਸਕੀਏ,
ਕੂੜੈ ਪਾਲਿ=ਕੂੜ ਦੀ ਕੰਧ,ਕੂੜ ਦਾ ਪਰਦਾ, ਸਚਿਆਰਾ=
ਸੱਚ ਦਾ ਘਰ, ਰਜਾਈ=ਰਜ਼ਾ ਵਾਲਾ, ਨਾਲਿ=ਜੀਵ ਦੇ
ਨਾਲ ਹੀ)

 

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥

(ਹੁਕਮੀ=ਹੁਕਮ ਵਿਚ, ਆਕਾਰ=ਸਰੂਪ, ਸਰੀਰ,
ਉਤਮੁ=ਸ੍ਰੇਸ਼ਟ, ਲਿਖਿ=ਲਿਖੇ ਅਨੁਸਾਰ, ਪਾਈਅਹਿ=
ਪਾਈਦੇ ਹਨ, ਇਕਨਾ=ਕਈ ਮਨੁੱਖਾਂ ਨੂੰ, ਬਖਸੀਸ=
ਦਾਤ, ਭਵਾਈਅਹਿ=ਜਨਮ ਮਰਨ ਦੇ ਗੇੜ ਵਿਚ ਪਾਏ
ਜਾਂਦੇ ਹਨ)

 

ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥
ਗਾਵੈ ਕੋ ਦਾਤਿ ਜਾਣੈ ਨੀਸਾਣੁ ॥
ਗਾਵੈ ਕੋ ਗੁਣ ਵਡਿਆਈਆ ਚਾਰ ॥
ਗਾਵੈ ਕੋ ਵਿਦਿਆ ਵਿਖਮੁ ਵੀਚਾਰੁ ॥
ਗਾਵੈ ਕੋ ਸਾਜਿ ਕਰੇ ਤਨੁ ਖੇਹ ॥
ਗਾਵੈ ਕੋ ਜੀਅ ਲੈ ਫਿਰਿ ਦੇਹ ॥
ਗਾਵੈ ਕੋ ਜਾਪੈ ਦਿਸੈ ਦੂਰਿ ॥
ਗਾਵੈ ਕੋ ਵੇਖੈ ਹਾਦਰਾ ਹਦੂਰਿ ॥
ਕਥਨਾ ਕਥੀ ਨ ਆਵੈ ਤੋਟਿ ॥
ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥
ਦੇਦਾ ਦੇ ਲੈਦੇ ਥਕਿ ਪਾਹਿ ॥
ਜੁਗਾ ਜੁਗੰਤਰਿ ਖਾਹੀ ਖਾਹਿ ॥
ਹੁਕਮੀ ਹੁਕਮੁ ਚਲਾਏ ਰਾਹੁ ॥
ਨਾਨਕ ਵਿਗਸੈ ਵੇਪਰਵਾਹੁ ॥੩॥

(ਕੋ=ਕੋਈ ਮਨੁੱਖ, ਤਾਣੁ=ਬਲ,
ਕਿਸੈ=ਜਿਸ ਕਿਸੇ ਮਨੁੱਖ ਨੂੰ,
ਦਾਤਿ=ਬਖਸ਼ੇ ਹੋਏ ਪਦਾਰਥ,
ਨੀਸਾਣੁ=(ਬਖ਼ਸ਼ਸ਼ ਦਾ) ਨਿਸ਼ਾਨ,
ਚਾਰ=ਸੁੰਦਰ, ਵਿਖਮੁ=ਕਠਨ,ਔਖਾ,
ਵੀਚਾਰੁ=ਗਿਆਨ, ਸਾਜਿ=ਪੈਦਾ ਕਰਕੇ,
ਖੇਹ=ਸੁਆਹ,ਜੀਅ=ਜੀਵਾਤਮਾ, ਦੇਹ=
ਦੇ ਦੇਂਦਾ ਹੈ, ਹਾਦਰਾ ਹਦੂਰਿ=ਹਾਜ਼ਰ
ਨਾਜ਼ਰ, ਕਥਨਾ ਤੋਟਿ=ਕਹਿਣ ਦੀ ਟੋਟ,
ਗੁਣ ਵਰਣਨ ਕਰਨ ਦਾ ਅੰਤ, ਕਥਿ ਕਥਿ
ਕਥੀ=ਆਖ ਆਖ ਕੇ ਆਖੀ ਹੈ,ਬੇਅੰਤ
ਵਾਰੀ ਪ੍ਰØਭੂ ਦੇ ਹੁਕਮ ਦਾ ਵਰਣਨ ਕੀਤਾ
ਹੈ, ਕੋਟਿ=ਕਰੋੜ, ਕਰੋੜਾਂ ਜੀਵਾਂ ਨੇ
ਦੇਦਾ= ਦੇਣ ਵਾਲਾ, ਲੈਦੇ=ਲੈਣ ਵਾਲੇ ਜੀਵ,
ਥਕਿ ਪਾਹਿ=ਥਕ ਪੈਂਦੇ ਹਨ, ਜੁਗਾ ਜੁਗੰਤਰਿ=
ਸਾਰੇ ਜੁਗਾਂ ਵਿਚ ਹੀ, ਖਾਹੀ ਖਾਹਿ=ਖਾਂਦੇ ਹੀ
ਖਾਂਦੇ ਹਨ, ਵਰਤਦੇ ਚਲੇ ਆ ਰਹੇ ਹਨ, ਰਾਹੁ=
ਰਸਤਾ,ਸੰਸਾਰ ਦੀ ਕਾਰ, ਵਿਗਸੈ=ਖਿੜ ਰਿਹਾ
ਹੈ, ਪਰਸੰਨ ਹੈ, ਵੇਪਰਵਾਹੁ=ਬੇਫਿਕਰ)

 

ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥
ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥
ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥
ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥
ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥

(ਸਾਚਾ=ਹੋਂਦ ਵਾਲਾ,ਸਦਾ-ਥਿਰ ਰਹਿਣ ਵਾਲਾ,
ਨਾਇ=ਨਿਆਇ,ਇਨਸਾਫ਼,ਨੀਯਮ, ਫੇਰਿ= ਫਿਰ,
ਕਿ=ਕਿਹੜੀ ਭੇਟਾ, ਰਖੀਐ=ਰੱਖੀ ਜਾਏ, ਜਿਤੁ=
ਜਿਸ ਭੇਟਾ ਦਾ ਸਦਕਾ, ਦਿਸੈ=ਦਿੱਸ ਪਏ, ਮੁਹੌ=
ਮੂੰਹ ਤੋਂ, ਕਿ ਬੋਲਣੁ=ਕਿਹੜਾ ਬਚਨ, ਧਰੇ=ਟਿਕਾ
ਦੇਵੇ,ਕਰੇ, ਅੰਮ੍ਰਿਤ ਵੇਲਾ=ਅੰਮ੍ਰਿਤ ਦਾ ਵੇਲਾ,ਪੂਰਨ
ਖਿੜਾਉ ਦਾ ਸਮਾਂ, ਕਰਮੀ=ਪ੍ਰØਭੂ ਦੀ ਮਿਹਰ ਨਾਲ)

 

ਥਾਪਿਆ ਨ ਜਾਇ ਕੀਤਾ ਨ ਹੋਇ ॥
ਆਪੇ ਆਪਿ ਨਿਰੰਜਨੁ ਸੋਇ ॥
ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥
ਨਾਨਕ ਗਾਵੀਐ ਗੁਣੀ ਨਿਧਾਨੁ ॥
ਗਾਵੀਐ ਸੁਣੀਐ ਮਨਿ ਰਖੀਐ ਭਾਉ ॥
ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥
ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥
ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥
ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥
ਗੁਰਾ ਇਕ ਦੇਹਿ ਬੁਝਾਈ ॥
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੫॥

(ਥਾਪਿਆ ਨਾ ਜਾਇ=ਥਾਪਿਆ ਨਹੀਂ ਜਾ ਸਕਦਾ, ਜਿਨਿ=
ਜਿਸ ਮਨੁੱਖ ਨੇ, ਗੁਣੀ ਨਿਧਾਨੁ=ਗੁਣਾਂ ਦੇ ਖ਼ਜ਼ਾਨੇ ਨੂੰ, ਰਖੀਐ=
ਟਿਕਾਈਏ, ਭਾਉ=ਰੱਬ ਦਾ ਪਿਆਰ, ਦੁਖੁ ਪਰਹਰਿ=ਦੁੱਖ ਨੂੰ
ਦੂਰ ਕਰਕੇ, ਘਰਿ=ਹਿਰਦੇ ਵਿੱਚ, ਨਾਦੰ=ਅਵਾਜ਼,ਸ਼ਬਦ,ਨਾਮ,
ਵੇਦੰ=ਗਿਆਨ, ਈਸਰੁ=ਸ਼ਿਵ, ਬਰਮਾ=ਬ੍ਰਹਮਾ, ਪਾਰਬਤੀ
ਮਾਈ=ਮਾਈ ਪਾਰਬਤੀ, ਹਉ=ਮੈਂ, ਗੁਰਾ=ਹੇ ਸਤਿਗੁਰੂ, ਇਕ
ਬੁਝਾਈ=ਇਕ ਸਮਝ)

 

ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥
ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥
ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥
ਗੁਰਾ ਇਕ ਦੇਹਿ ਬੁਝਾਈ ॥
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੬॥

(ਤੀਰਥਿ=ਤੀਰਥ ਉੱਤੇ, ਤਿਸੁ=ਉਸ ਰੱਬ ਨੂੰ, ਭਾਵਾ=ਮੈਂ ਚੰਗਾ
ਲੱਗਾਂ, ਵਿਣੁ ਭਾਣੇ=ਰੱਬ ਨੂੰ ਚੰਗਾ ਲੱਗਣ ਤੋਂ ਬਿਨਾ, ਕਿ ਨਾਇ
ਕਰੀ=ਨ੍ਹਾਇ ਕੇ ਮੈਂ ਕੀਹ ਕਰਾਂ, ਜੇਤੀ=ਜਿਤਨੀ, ਸਿਰਠੀ=ਸ੍ਰਿਸ਼ਟੀ,
ਵੇਖਾ=ਮੈਂ ਵੇਖਦਾ ਹਾਂ, ਵਿਣੁ ਕਰਮਾ=ਪ੍ਰØਭੂ ਦੀ ਮੇਹਰ ਤੋਂ ਬਿਨਾ,
ਮਤਿ ਵਿਚਿ=ਬੁੱਧ ਦੇ ਅੰਦਰ ਹੀ, ਮਾਣਿਕ=ਮੋਤੀ, ਇਕ ਸਿਖ=
ਇਕ ਸਿੱਖਿਆ, ਸੁਣੀ=ਸੁਣੀਏ,ਸੁਣੀ ਜਾਏ)

 

ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥
ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥
ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥
ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥
ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥
ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥
ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥੭॥

(ਜੁਗ ਚਾਰੇ=ਚਹੁੰ ਜੁਗਾਂ ਜਿਤਨੀ, ਆਰਜਾ=ਉਮਰ,
ਦਸੂਣੀ=ਦਸ ਗੁਣੀ, ਨਵਾ ਖੰਡਾ ਵਿਚਿ=ਸਾਰੀ ਸ੍ਰਿਸ਼ਟੀ
ਵਿਚ, ਜਾਣੀਐ=ਜਾਣਿਆ ਜਾਏ, ਨਾਲਿ ਚਲੈ=ਨਾਲ ਹੋ
ਕੇ ਤੁਰੇ, ਹਮਾਇਤੀ ਹੋਵੇ, ਚੰਗਾ ਨਾਉ ਰਖਾਇ ਕੈ=ਚੰਗੇ
ਨਾਮਣੇ ਵਾਲਾ ਹੋ ਕੇ, ਕੀਰਤਿ=ਸ਼ੋਭਾ, ਜਗਿ=ਜਗ ਵਿਚ,
ਨਦਰਿ=ਕਿਰਪਾ-ਦ੍ਰਿਸ਼ਟੀ ਵਿਚ, ਵਾਤ=ਖ਼ਬਰ,ਸੁਰਤ,
ਨ ਕੇ=ਕੋਈ ਮਨੁੱਖ ਨਹੀਂ, ਕੀਟੁ=ਕੀੜਾ, ਦੋਸੁ ਧਰੇ=
ਦੋਸੁ ਲਾaੁਂਦਾ ਹੈ, ਕੀਟਾ ਅੰਦਰਿ ਕੀਟੁ=ਮਮੂਲੀ ਜਿਹਾ
ਕੀੜਾ, ਨਿਰਗੁਣਿ=ਗੁਣ-ਹੀਨ ਮਨੁੱਖ ਵਿਚ, ਗੁਣਵੰਤਿਆ=
ਗੁਣੀ ਮਨੁੱਖਾਂ ਨੂੰ, ਤੇਹਾ=ਇਹੋ ਜਿਹਾ, ਨ ਸੁਝਈ=ਨਹੀਂ
ਲੱਭਦਾ, ਜਿ=ਜਿਹੜਾ, ਤਿਸੁ=ਉਸ ਨਿਰਗੁਣ ਨੂੰ)

 

ਸੁਣਿਐ ਸਿਧ ਪੀਰ ਸੁਰਿ ਨਾਥ ॥
ਸੁਣਿਐ ਧਰਤਿ ਧਵਲ ਆਕਾਸ ॥
ਸੁਣਿਐ ਦੀਪ ਲੋਅ ਪਾਤਾਲ ॥
ਸੁਣਿਐ ਪੋਹਿ ਨ ਸਕੈ ਕਾਲੁ ॥
ਨਾਨਕ ਭਗਤਾ ਸਦਾ ਵਿਗਾਸੁ ॥
ਸੁਣਿਐ ਦੂਖ ਪਾਪ ਕਾ ਨਾਸੁ ॥੮॥

(ਸੁਣਿਐ=ਸੁਣਿਆਂ, ਸੁਣਨ ਨਾਲ,
ਸਿਧ=ਉਹ ਜੋਗੀ ਜਿਨ੍ਹਾਂ ਦੀ ਘਾਲ
ਕਮਾਈ ਸਫਲ ਹੋ ਚੁਕੀ ਹੈ, ਸੁਰਿ=
ਦੇਵਤੇ, ਧਵਲ=ਬੌਲਦ,ਧਰਤੀ ਦਾ
ਆਸਰਾ, ਦੀਪ=ਧਰਤੀ ਦੀ ਵੰਡ
ਦੇ ਸਤ ਦੀਪ, ਲੋਅ=ਲੋਕ,ਭਵਣ,
ਪੋਹਿ ਨ ਸਕੈ=ਡਰਾ ਨਹੀਂ ਸਕਦਾ,
ਵਿਗਾਸੁ=ਖਿੜਾਉ,ਖ਼ੁਸ਼ੀ)

 

ਸੁਣਿਐ ਈਸਰੁ ਬਰਮਾ ਇੰਦੁ ॥
ਸੁਣਿਐ ਮੁਖਿ ਸਾਲਾਹਣ ਮੰਦੁ ॥
ਸੁਣਿਐ ਜੋਗ ਜੁਗਤਿ ਤਨਿ ਭੇਦ ॥
ਸੁਣਿਐ ਸਾਸਤ ਸਿਮ੍ਰਿਤਿ ਵੇਦ ॥
ਨਾਨਕ ਭਗਤਾ ਸਦਾ ਵਿਗਾਸੁ ॥
ਸੁਣਿਐ ਦੂਖ ਪਾਪ ਕਾ ਨਾਸੁ ॥੯॥

(ਈਸਰੁ=ਸ਼ਿਵ, ਇੰਦੁ=ਇੰਦਰ
ਦੇਵਤਾ, ਸਾਲਾਹਣ=ਰੱਬ ਦੀਆਂ
ਵਡਿਆਈਆਂ, ਮੰਦੁ=ਭੈੜਾ ਮਨੁੱਖ,
ਜੋਗ ਜੁਗਤਿ=ਜੋਗ ਦੇ ਸਾਧਨ,
ਭੇਦ=ਗੱਲਾਂ)

 

ਸੁਣਿਐ ਸਤੁ ਸੰਤੋਖੁ ਗਿਆਨੁ ॥
ਸੁਣਿਐ ਅਠਸਠਿ ਕਾ ਇਸਨਾਨੁ ॥
ਸੁਣਿਐ ਪੜਿ ਪੜਿ ਪਾਵਹਿ ਮਾਨੁ ॥
ਸੁਣਿਐ ਲਾਗੈ ਸਹਜਿ ਧਿਆਨੁ ॥
ਨਾਨਕ ਭਗਤਾ ਸਦਾ ਵਿਗਾਸੁ ॥
ਸੁਣਿਐ ਦੂਖ ਪਾਪ ਕਾ ਨਾਸੁ ॥੧੦॥

(ਸਤੁ ਸੰਤੋਖੁ=ਦਾਨ ਤੇ ਸੰਤੋਖ)

 

ਸੁਣਿਐ ਸਰਾ ਗੁਣਾ ਕੇ ਗਾਹ ॥
ਸੁਣਿਐ ਸੇਖ ਪੀਰ ਪਾਤਿਸਾਹ ॥
ਸੁਣਿਐ ਅੰਧੇ ਪਾਵਹਿ ਰਾਹੁ ॥
ਸੁਣਿਐ ਹਾਥ ਹੋਵੈ ਅਸਗਾਹੁ ॥
ਨਾਨਕ ਭਗਤਾ ਸਦਾ ਵਿਗਾਸੁ ॥
ਸੁਣਿਐ ਦੂਖ ਪਾਪ ਕਾ ਨਾਸੁ ॥੧੧॥

(ਸਰਾ ਗੁਣਾ ਕੇ=ਗੁਣਾਂ ਦੇ ਸਰੋਵਰਾਂ
ਦੇ, ਗਾਹ=ਗਾਹੁਣ ਵਾਲੇ,ਸੂਝ ਵਾਲੇ,
ਅਸਗਾਹੁ=ਡੂੰਘਾ ਸਮੁੰਦਰ,ਸੰਸਾਰ,
ਹਾਥ=ਡੂੰਘਿਆਈ ਦੀ ਸਮਝ)

 

ਮੰਨੇ ਕੀ ਗਤਿ ਕਹੀ ਨ ਜਾਇ ॥
ਜੇ ਕੋ ਕਹੈ ਪਿਛੈ ਪਛੁਤਾਇ ॥
ਕਾਗਦਿ ਕਲਮ ਨ ਲਿਖਣਹਾਰੁ ॥
ਮੰਨੇ ਕਾ ਬਹਿ ਕਰਨਿ ਵੀਚਾਰੁ ॥
ਐਸਾ ਨਾਮੁ ਨਿਰੰਜਨੁ ਹੋਇ ॥
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥

(ਮੰਨੇ ਕੀ=ਮੰਨਣ ਵਾਲੇ ਦੀ,ਯਕੀਨ
ਕਰ ਲੈਣ ਵਾਲੇ ਦੀ, ਗਤਿ=ਹਾਲਤ,
ਵੀਚਾਰੁ=ਵਡਿਆਈ ਦੀ ਵੀਚਾਰ, ਬਹਿ
ਕਰਨਿ=ਬੈਠ ਕੇ ਕਰਦੇ ਹਨ, ਮੰਨਿ ਜਾਣੈ=
ਸ਼ਰਧਾ ਰੱਖ ਕੇ ਵੇਖੇ, ਕਾਗਦਿ=ਕਾਗ਼ਜ਼
ਉੱਤੇ)

 

ਮੰਨੈ ਸੁਰਤਿ ਹੋਵੈ ਮਨਿ ਬੁਧਿ ॥
ਮੰਨੈ ਸਗਲ ਭਵਣ ਕੀ ਸੁਧਿ ॥
ਮੰਨੈ ਮੁਹਿ ਚੋਟਾ ਨਾ ਖਾਇ ॥
ਮੰਨੈ ਜਮ ਕੈ ਸਾਥਿ ਨ ਜਾਇ ॥
ਐਸਾ ਨਾਮੁ ਨਿਰੰਜਨੁ ਹੋਇ ॥
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੩॥

(ਸੁਰਤਿ ਹੋਵੈ=(ਉੱਚੀ) ਸੁਰਤ ਹੋ
ਜਾਂਦੀ ਹੈ, ਬੁਧਿ=ਜਾਗ੍ਰਤ, ਸੁਧਿ=
ਖ਼ਬਰ,ਸੋਝੀ, ਮੁਹਿ=ਮੂੰਹ ਉੱਤ,
ਚੋਟਾ=ਸੱਟਾਂ, ਜਮ ਕੈ ਸਾਥਿ=
ਜਮਾਂ ਦੇ ਨਾਲ)

 

ਮੰਨੈ ਮਾਰਗਿ ਠਾਕ ਨ ਪਾਇ ॥
ਮੰਨੈ ਪਤਿ ਸਿਉ ਪਰਗਟੁ ਜਾਇ ॥
ਮੰਨੈ ਮਗੁ ਨ ਚਲੈ ਪੰਥੁ ॥
ਮੰਨੈ ਧਰਮ ਸੇਤੀ ਸਨਬੰਧੁ ॥
ਐਸਾ ਨਾਮੁ ਨਿਰੰਜਨੁ ਹੋਇ ॥
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੪॥

(ਮਾਰਗਿ=ਰਾਹ ਵਿਚ, ਠਾਕ=ਰੋਕ,
ਪਤਿ ਸਿਉ=ਇੱਜ਼ਤ ਨਾਲ, ਪਰਗਟੁ=
ਪਰਸਿੱਧ ਹੋ ਕੇ)

 

ਮੰਨੈ ਪਾਵਹਿ ਮੋਖੁ ਦੁਆਰੁ ॥
ਮੰਨੈ ਪਰਵਾਰੈ ਸਾਧਾਰੁ ॥
ਮੰਨੈ ਤਰੈ ਤਾਰੇ ਗੁਰੁ ਸਿਖ ॥
ਮੰਨੈ ਨਾਨਕ ਭਵਹਿ ਨ ਭਿਖ ॥
ਐਸਾ ਨਾਮੁ ਨਿਰੰਜਨੁ ਹੋਇ ॥
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੫॥

(ਪਾਵਹਿ=ਲੱਭ ਲੈਂਦੇ ਹਨ, ਮੋਖੁ
ਦੁਆਰੁ=ਮੁਕਤੀ ਦਾ ਦਰਵਾਜ਼ਾ,
ਪਰਵਾਰੈ=ਪਰਵਾਰ ਨੂੰ, ਸਾਧਾਰੁ=
ਆਧਾਰ ਸਹਿਤ ਕਰਦਾ ਹੈ, ਤਰੈ
ਗੁਰੁ=ਗੁਰੂ ਆਪਿ ਤਰਦਾ ਹੈ, ਸਿਖ=
ਸਿੱਖਾਂ ਨੂੰ)

 

ਪੰਚ ਪਰਵਾਣ ਪੰਚ ਪਰਧਾਨੁ ॥
ਪੰਚੇ ਪਾਵਹਿ ਦਰਗਹਿ ਮਾਨੁ ॥
ਪੰਚੇ ਸੋਹਹਿ ਦਰਿ ਰਾਜਾਨੁ ॥
ਪੰਚਾ ਕਾ ਗੁਰੁ ਏਕੁ ਧਿਆਨੁ ॥
ਜੇ ਕੋ ਕਹੈ ਕਰੈ ਵੀਚਾਰੁ ॥
ਕਰਤੇ ਕੈ ਕਰਣੈ ਨਾਹੀ ਸੁਮਾਰੁ ॥
ਧੌਲੁ ਧਰਮੁ ਦਇਆ ਕਾ ਪੂਤੁ ॥
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥
ਜੇ ਕੋ ਬੁਝੈ ਹੋਵੈ ਸਚਿਆਰੁ ॥
ਧਵਲੈ ਉਪਰਿ ਕੇਤਾ ਭਾਰੁ ॥
ਧਰਤੀ ਹੋਰੁ ਪਰੈ ਹੋਰੁ ਹੋਰੁ ॥
ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥
ਜੀਅ ਜਾਤਿ ਰੰਗਾ ਕੇ ਨਾਵ ॥
ਸਭਨਾ ਲਿਖਿਆ ਵੁੜੀ ਕਲਾਮ ॥
ਏਹੁ ਲੇਖਾ ਲਿਖਿ ਜਾਣੈ ਕੋਇ ॥
ਲੇਖਾ ਲਿਖਿਆ ਕੇਤਾ ਹੋਇ ॥
ਕੇਤਾ ਤਾਣੁ ਸੁਆਲਿਹੁ ਰੂਪੁ ॥
ਕੇਤੀ ਦਾਤਿ ਜਾਣੈ ਕੌਣੁ ਕੂਤੁ ॥
ਕੀਤਾ ਪਸਾਉ ਏਕੋ ਕਵਾਉ ॥
ਤਿਸ ਤੇ ਹੋਏ ਲਖ ਦਰੀਆਉ ॥
ਕੁਦਰਤਿ ਕਵਣ ਕਹਾ ਵੀਚਾਰੁ ॥
ਵਾਰਿਆ ਨ ਜਾਵਾ ਏਕ ਵਾਰ ॥
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
ਤੂ ਸਦਾ ਸਲਾਮਤਿ ਨਿਰੰਕਾਰ ॥੧੬॥

(ਪੰਚ=ਉਹ ਮਨੁੱਖ ਜਿਨ੍ਹਾਂ ਨਾਮ ਸੁਣਿਆ
ਹੈ ਤੇ ਮੰਨਿਆ ਹੈ, ਕਹੈ=ਬਿਆਨ ਕਰੇ,
ਕਰਤੇ ਕੈ ਕਰਣੈ=ਕਰਤਾਰ ਦੀ ਕੁਦਰਤ
ਦਾ, ਸੁਮਾਰੁ=ਹਿਸਾਬ,ਲੇਖਾ, ਧੌਲੁ=ਬਲਦ,
ਦਇਆ ਕਾ ਪੂਤੁ=ਦਇਆ ਦਾ ਪੁੱਤਰ,
ਥਾਪਿ ਰਖਿਆ=ਟਿਕਾ ਰੱਖਿਆ, ਸੂਤਿ=
ਸੂਤਰ ਵਿਚ,ਮਰਯਾਦਾ ਵਿਚ, ਬੁਝੈ=
ਸਮਝ ਲਏ, ਸਚਿਆਰੁ=ਸੱਚ ਦਾ
ਪਰਕਾਸ਼ ਹੋਣ ਲਈ ਯੋਗ, ਕੇਤਾ ਭਾਰੁ=
ਬੇਅੰਤ ਭਾਰ, ਧਰਤੀ ਹੋਰੁ=ਧਰਤੀ ਦੇ
ਹੇਠਾਂ ਹੋਰ ਬਲਦ, ਪਰੈ=ਉਸ ਤੋਂ ਹੇਠਾਂ,
ਤਲੈ=ਉਸ ਬਲਦ ਦੇ ਹੇਠਾਂ, ਕਵਣੁ ਜੋਰੁ=
ਕਿਹੜਾ ਸਹਾਰਾ, ਕੇ ਨਾਵ=ਕਈ ਨਾਵਾਂ ਦੇ,
ਵੁੜੀ ਕਲਾਮ=ਚਲਦੀ ਕਲਮ ਨਾਲ, ਲਿਖਿ
ਜਾਣੈ=ਲਿਖਦਾ ਜਾਣਦਾ ਹੈ, ਕੋਇ=ਕੋਈ
ਵਿਰਲਾ, ਕੇਤਾ ਹੋਇ=ਕੇਡਾ ਵੱਡਾ ਹੋ ਜਾਏ,
ਪਸਾਉ=ਪਸਾਰਾ,ਸੰਸਾਰ, ਕਵਾਉ=ਬਚਨ,
ਸੁਆਲਿਹੁ=ਸੁੰਦਰ, ਕੂਤੁ=ਮਾਪ,ਅੰਦਾਜ਼ਾ,
ਕੁਦਰਤਿ ਕਵਣ=ਕੀਹ ਸਮਰੱਥਾ, ਕਹਾ
ਵਿਚਾਰੁ=ਮੈਂ ਵਿਚਾਰ ਕਰ ਸਕਾਂ, ਵਾਰਿਆ
ਨਾ ਜਾਵਾ=ਸਦਕੇ ਨਹੀਂ ਹੋ ਸਕਦਾ, ਸਾਈ
ਕਾਰ=ਉਹੋ ਕਾਰ,ਉਹੋ ਕੰਮ, ਸਲਾਮਤਿ=
ਥਿਰ,ਅਟੱਲ, ਨਿਰੰਕਾਰ=ਹੇ ਹਰੀ)

 

ਅਸੰਖ ਜਪ ਅਸੰਖ ਭਾਉ ॥
ਅਸੰਖ ਪੂਜਾ ਅਸੰਖ ਤਪ ਤਾਉ ॥
ਅਸੰਖ ਗਰੰਥ ਮੁਖਿ ਵੇਦ ਪਾਠ ॥
ਅਸੰਖ ਜੋਗ ਮਨਿ ਰਹਹਿ ਉਦਾਸ ॥
ਅਸੰਖ ਭਗਤ ਗੁਣ ਗਿਆਨ ਵੀਚਾਰ ॥
ਅਸੰਖ ਸਤੀ ਅਸੰਖ ਦਾਤਾਰ ॥
ਅਸੰਖ ਸੂਰ ਮੁਹ ਭਖ ਸਾਰ ॥
ਅਸੰਖ ਮੋਨਿ ਲਿਵ ਲਾਇ ਤਾਰ ॥
ਕੁਦਰਤਿ ਕਵਣ ਕਹਾ ਵੀਚਾਰੁ ॥
ਵਾਰਿਆ ਨ ਜਾਵਾ ਏਕ ਵਾਰ ॥
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
ਤੂ ਸਦਾ ਸਲਾਮਤਿ ਨਿਰੰਕਾਰ ॥੧੭॥

(ਅਸੰਖ=ਅਨਗਿਣਤ, ਭਾਉ=ਪਿਆਰ,
ਤਪ=ਤਾਉ=ਤਪਾਂ ਦਾ ਤਪਣਾ, ਉਦਾਸ
ਰਹਹਿ=ਉਪਰਾਮ ਰਹਿੰਦੇ ਹਨ, ਸਤੀ=
ਸਤ ਧਰਮ ਵਾਲੇ ਮਨੁੱਖ, ਸੂਰ=ਸੂਰਮੇ,
ਮੁਹ=ਮੂੰਹਾਂ ਉੱਤੇ, ਭਖਸਾਰ=ਸਾਰ ਭਖਣ
ਵਾਲੇ,ਸ਼ਸਤ੍ਰਾਂ ਦੇ ਵਾਰ ਸਹਿਣ ਵਾਲੇ,
ਮੋਨਿ=ਚੁੱਪ ਰਹਿਣ ਵਾਲੇ, ਲਿਵ ਲਾਇ
ਤਾਰ=ਲਿਵ ਦੀ ਤਾਰ ਲਾ ਕੇ, ਇਕ-ਰਸ
ਲਿਵ ਲਾ ਕੇ)

 

ਅਸੰਖ ਮੂਰਖ ਅੰਧ ਘੋਰ ॥
ਅਸੰਖ ਚੋਰ ਹਰਾਮਖੋਰ ॥
ਅਸੰਖ ਅਮਰ ਕਰਿ ਜਾਹਿ ਜੋਰ ॥
ਅਸੰਖ ਗਲਵਢ ਹਤਿਆ ਕਮਾਹਿ ॥
ਅਸੰਖ ਪਾਪੀ ਪਾਪੁ ਕਰਿ ਜਾਹਿ ॥
ਅਸੰਖ ਕੂੜਿਆਰ ਕੂੜੇ ਫਿਰਾਹਿ ॥
ਅਸੰਖ ਮਲੇਛ ਮਲੁ ਭਖਿ ਖਾਹਿ ॥
ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥
ਨਾਨਕੁ ਨੀਚੁ ਕਹੈ ਵੀਚਾਰੁ ॥
ਵਾਰਿਆ ਨ ਜਾਵਾ ਏਕ ਵਾਰ ॥
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
ਤੂ ਸਦਾ ਸਲਾਮਤਿ ਨਿਰੰਕਾਰ ॥੧੮॥

(ਮੂਰਖ ਅੰਧ ਘੋਰ=ਮਹਾਂ ਮੂਰਖ,
ਹਰਾਮਖੋਰ=ਪਰਾਇਆ ਮਾਲ ਖਾਣ
ਵਾਲੇ, ਅਮਰ=ਹੁਕਮ, ਜੋਰ=ਧੱਕੇ,
ਕਰਿ ਜਾਹਿ=ਕਰ ਕੇ ਚਲੇ ਜਾਂਦੇ ਹਨ,
ਹਤਿਆ ਕਮਾਹਿ=ਦੂਜਿਆਂ ਦੇ ਗਲ
ਵੱਢਦੇ ਹਨ, ਕੂੜਿਆਰ= ਝੂਠ ਦੇ
ਸੁਭਾਉ ਵਾਲੇ, ਕੂੜੇ=ਕੂੜ ਵਿਚ ਹੀ,
ਫਿਰਾਹਿ=ਰੁੱਝੇ ਹੋਏ ਹਨ, ਮਲੇਛ=
ਖੋਟੀ ਬੁੱਧ ਵਾਲੇ ਮਨੁੱਖ, ਭਖਿ ਖਾਹਿ=
ਹਾਬੜਿਆਂ ਵਾਂਗ ਖਾਈ ਜਾਂਦੇ ਹਨ,
ਸਿਰਿ ਕਰਹਿ ਭਾਰੁ=ਆਪਣੇ ਸਿਰ
ਉੱਤੇ ਭਾਰ ਚੁਕਦੇ ਹਨ)

 

ਅਸੰਖ ਨਾਵ ਅਸੰਖ ਥਾਵ ॥
ਅਗੰਮ ਅਗੰਮ ਅਸੰਖ ਲੋਅ ॥
ਅਸੰਖ ਕਹਹਿ ਸਿਰਿ ਭਾਰੁ ਹੋਇ ॥
ਅਖਰੀ ਨਾਮੁ ਅਖਰੀ ਸਾਲਾਹ ॥
ਅਖਰੀ ਗਿਆਨੁ ਗੀਤ ਗੁਣ ਗਾਹ ॥
ਅਖਰੀ ਲਿਖਣੁ ਬੋਲਣੁ ਬਾਣਿ ॥
ਅਖਰਾ ਸਿਰਿ ਸੰਜੋਗੁ ਵਖਾਣਿ ॥
ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ ॥
ਜਿਵ ਫੁਰਮਾਏ ਤਿਵ ਤਿਵ ਪਾਹਿ ॥
ਜੇਤਾ ਕੀਤਾ ਤੇਤਾ ਨਾਉ ॥
ਵਿਣੁ ਨਾਵੈ ਨਾਹੀ ਕੋ ਥਾਉ ॥
ਕੁਦਰਤਿ ਕਵਣ ਕਹਾ ਵੀਚਾਰੁ ॥
ਵਾਰਿਆ ਨ ਜਾਵਾ ਏਕ ਵਾਰ ॥
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
ਤੂ ਸਦਾ ਸਲਾਮਤਿ ਨਿਰੰਕਾਰ ॥੧੯॥

(ਨਾਵ=ਨਾਮ, ਅਗੰਮ=ਜਿਸ ਤਾਈਂ
ਪਹੁੰਚ ਨ ਹੋ ਸਕੇ, ਅਸੰਖ ਲੋਅ=
ਅਨੇਕਾਂ ਹੀ ਭਵਣ, ਅਖਰੀ=ਅੱਖਰਾਂ
ਦੀ ਰਾਹੀਂ ਹੀ, ਸਾਲਾਹ=ਸਿਫ਼ਤਿ,
ਗੁਣ ਗਾਹ=ਗੁਣਾਂ ਦੇ ਵਾਕਫ਼, ਬਾਣਿ=
ਬਾਣੀ,ਬੋਲੀ, ਅਖਰਾ ਸਿਰਿ=ਅੱਖਰਾਂ
ਦੀ ਰਾਹੀਂ ਹੀ, ਸੰਜੋਗੁ=ਭਾਗਾਂ ਦਾ ਲੇਖ,
ਵਖਾਣਿ=ਦੱਸਿਆ ਜਾ ਸਕਦਾ ਹੈ, ਜਿਨਿ=
ਜਿਸ ਅਕਾਲ ਪੁਰਖ ਨੇ, ਏਹਿ=ਸੰਜੋਗ ਦੇ
ਇਹ ਅੱਖਰ, ਤਿਸੁ ਸਿਰਿ=ਉਸ ਦੇ ਮੱਥੇ
ਉੱਤੇ, ਨਾਹਿ=ਨਹੀਂ ਹੈ, ਜਿਵ=ਜਿਸ ਤਰ੍ਹਾਂ,
ਤਿਵ ਤਿਵ=ਉਸੇ ਤਰ੍ਹਾਂ, ਪਾਹਿ=ਪਾ ਲੈਂਦੇ
ਹਨ, ਜੇਤਾ ਕੀਤਾ=ਇਹ ਸਾਰਾ ਸੰਸਾਰ ਜੋ
ਅਕਾਲ ਪੁਰਖ ਨੇ ਪੈਦਾ ਕੀਤਾ ਹੈ, ਤੇਤਾ=
ਉਹ ਸਾਰਾ, ਨਾਉ=ਨਾਮ,ਰੂਪ)

 

ਭਰੀਐ ਹਥੁ ਪੈਰੁ ਤਨੁ ਦੇਹ ॥
ਪਾਣੀ ਧੋਤੈ ਉਤਰਸੁ ਖੇਹ ॥
ਮੂਤ ਪਲੀਤੀ ਕਪੜੁ ਹੋਇ ॥
ਦੇ ਸਾਬੂਣੁ ਲਈਐ ਓਹੁ ਧੋਇ ॥
ਭਰੀਐ ਮਤਿ ਪਾਪਾ ਕੈ ਸੰਗਿ ॥
ਓਹੁ ਧੋਪੈ ਨਾਵੈ ਕੈ ਰੰਗਿ ॥
ਪੁੰਨੀ ਪਾਪੀ ਆਖਣੁ ਨਾਹਿ ॥
ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥
ਆਪੇ ਬੀਜਿ ਆਪੇ ਹੀ ਖਾਹੁ ॥
ਨਾਨਕ ਹੁਕਮੀ ਆਵਹੁ ਜਾਹੁ ॥੨੦॥

(ਭਰੀਐ=ਜੇ ਭਰ ਜਾਏ, ਤਨੁ=ਸਰੀਰ,
ਦੇਹ=ਸਰੀਰ, ਉਤਰਸ=ਉਤਰ ਜਾਂਦੀ ਹੈ,
ਮੂਤ ਪਲੀਤੀ=ਮੂਤਰ ਨਾਲ ਪਲੀਤ,ਕਪੜੁ=
ਕੱਪੜਾ,ਦੇ ਸਾਬੂਣੁ=ਸਾਬਣ ਲਾ ਕੇ, ਲਈਐ
ਧੋਇ=ਧੋ ਲਈਦਾ ਹੈ, ਮਤਿ=ਬੁੱਧ, ਧੋਪੈ=
ਧੁਪਦਾ ਹੈ, ਨਾਵੈ ਕੈ ਰੰਗਿ=ਅਕਾਲ ਪੁਰਖ
ਦੇ ਨਾਮ ਦੇ ਪ੍ਰੇਮ ਨਾਲ)

 

ਤੀਰਥੁ ਤਪੁ ਦਇਆ ਦਤੁ ਦਾਨੁ ॥
ਜੇ ਕੋ ਪਾਵੈ ਤਿਲ ਕਾ ਮਾਨੁ ॥
ਸੁਣਿਆ ਮੰਨਿਆ ਮਨਿ ਕੀਤਾ ਭਾਉ ॥
ਅੰਤਰਗਤਿ ਤੀਰਥਿ ਮਲਿ ਨਾਉ ॥
ਸਭਿ ਗੁਣ ਤੇਰੇ ਮੈ ਨਾਹੀ ਕੋਇ ॥
ਵਿਣੁ ਗੁਣ ਕੀਤੇ ਭਗਤਿ ਨ ਹੋਇ ॥
ਸੁਅਸਤਿ ਆਥਿ ਬਾਣੀ ਬਰਮਾਉ ॥
ਸਤਿ ਸੁਹਾਣੁ ਸਦਾ ਮਨਿ ਚਾਉ ॥
ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥
ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥
ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥
ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥
ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥
ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ ॥
ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥
ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥੨੧॥

(ਜੇ ਕੋ ਪਾਵੈ=ਜੇ ਕੋਈ ਮਨੁੱਖ ਪ੍ਰਾਪਤ ਕਰੇ, ਤਿਲ ਕਾ=
ਤਿਲ ਮਾਤਰ, ਦਤੁ=ਦਿੱਤਾ ਹੋਇਆ, ਅੰਤਰਗਤਿ ਤੀਰਥਿ=
ਅੰਦਰਲੇ ਤੀਰਥ ਉੱਤੇ, ਮਲਿ=ਮਲ ਮਲ ਕੇ, ਨਾਉ=
ਇਸ਼ਨਾਨ, ਵਿਣੁ ਗੁਣੁ ਕੀਤੇ=ਗੁਣ ਪੈਦਾ ਕਰਨ ਤੋਂ
ਬਿਨਾ, ਨ ਹੋਇ=ਨਹੀਂ ਹੋ ਸਕਦੀ, ਸੁਅਸਤਿ=ਜੈ
ਹੋਵੇ ਤੇਰੀ, ਬਰਮਾਉ=ਬ੍ਰਹਮਾ, ਸਤਿ=ਸਦਾ=ਥਿਰ,
ਸੁਹਾਣੁ=ਸੁਬਹਾਨ,ਸੋਹਣਾ, ਵੇਲ ਨ ਪਾਈਆ=ਸਮਾਂ
ਨਾ ਲੱਭਾ, ਪੰਡਤੀ=ਪੰਡਤਾਂ ਨੇ, ਜਿ=ਨਹੀਂ ਤਾਂ, ਲੇਖੁ
ਪੁਰਾਣੁ=ਪੁਰਾਣ-ਰੂਪ ਲੇਖ, ਕਾਦੀਆ=ਕਾਜ਼ੀਆਂ ਨੇ,
ਜਿ=ਨਹੀ ਤਾਂ, ਲਿਖਨਿ=ਲਿਖ ਦੇਂਦੇ, ਲੇਖੁ ਕੁਰਾਣੁ=
ਕੁਰਾਨ ਵਰਗਾ ਲੇਖ, ਜਾ ਕਰਤਾ=ਜਿਹੜਾ ਕਰਤਾਰ,
ਸਿਰਠੀ ਕਉ=ਜਗਤ ਨੂੰ, ਸਾਜੇ=ਪੈਦਾ ਕਰਦਾ ਹੈ,
ਆਪੇ ਸੋਈ=ਉਹ ਆਪ ਹੀ, ਕਿਵ ਕਰਿ=ਕਿਸ
ਤਰ੍ਹਾਂ। ਆਖਾ=ਮੈਂ ਆਖਾਂ, ਸਾਲਾਹੀ=ਮੈਂ ਸਾਲਾਹਾਂ,
ਵਰਨੀ=ਮੈਂ ਵਰਣਨ ਕਰਾਂ, ਸਭੁ ਕੋ=ਹਰੇਕ ਜੀਵ,
ਆਖਣਿ ਆਖੈ=ਆਖਣ ਨੂੰ ਤਾਂ ਆਖਦਾ ਹੈ, ਇਕ
ਦੂ ਇਕੁ ਸਿਆਣਾ=ਇਕ ਦੂਜੇ ਤੋਂ ਸਿਆਣਾ ਬਣ
ਬਣ ਕੇ, ਦੂ=ਤੋਂ, ਸਾਹਿਬੁ=ਮਾਲਕ, ਨਾਈ=
ਵਡਿਆਈ, ਜਾ ਕਾ=ਜਿਸ ਦਾ, ਜੇ ਕੋ=ਜੇ ਕੋਈ
ਮਨੁੱਖ, ਆਪੌ=ਆਪਣੇ ਆਪ ਤੋਂ, ਨ ਸੋਹੈ=ਸੋਭਦਾ
ਨਹੀਂ, ਅਗੈ ਗਇਆ=ਅਕਾਲ ਪੁਰਖ ਦੇ ਦਰ ਜਾ ਕੇ)

 

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥

(ਪਾਤਾਲਾ ਪਾਤਾਲ=ਪਾਤਾਲਾਂ ਦੇ ਹੇਠ ਹੋਰ ਪਾਤਾਲ
ਹਨ, ਆਗਾਸਾ ਆਗਾਸ=ਆਕਾਸ਼ਾਂ ਦੇ ਉੱਤੇ ਹੋਰ
ਆਕਾਸ਼ ਹਨ, ਓੜਕ=ਅਖ਼ੀਰ, ਭਾਲਿ ਥਕੇ=ਭਾਲ
ਕੇ ਥੱਕ ਗਏ ਹਨ, ਇਕ ਵਾਤ=ਇਕ ਗੱਲ, ਸਹਸ
ਅਠਾਰਹ=ਅਠਾਰਾਂ ਹਜ਼ਾਰ (ਆਲਮ), ਕਤੇਬਾ=
ਈਸਾਈ ਮਤ ਤੇ ਇਸਲਾਮ ਆਦਿਕ ਦੀਆਂ ਚਾਰ
ਕਿਤਾਬਾਂ: ਕੁਰਾਨ, ਅੰਜੀਲ, ਤੌਰੇਤ ਤੇ ਜ਼ੰਬੂਰ,
ਅਸੁਲੂ=ਮੁੱਢ, ਨੋਟ=ਇਹ ਅਰਬੀ ਬੋਲੀ ਦਾ ਲਫ਼ਜ਼
ਹੈ, ਅੱਖਰ ‘ਸ’ ਦਾ ਹੇਠਲਾ ( ੁ ) ਅਰਬੀ ਦਾ
ਅੱਖ਼ਰ ‘ਸੁਆਦ’ ਦੱਸਣ ਵਾਸਤੇ ਹੈ, ਇਕ ਧਾਤੁ=
ਇੱਕ ਅਕਾਲ ਪੁਰਖ, ਲੇਖਾ ਹੋਇ=ਜੇ ਲੇਖਾ ਹੋ ਸਕੇ,
ਲਿਖੀਐ=ਲਿਖ ਸਕੀਦਾ ਹੈ, ਲੇਖੈ ਵਿਣਾਸੁ=ਲੇਖੇ ਦਾ
ਖ਼ਾਤਮਾ, ਆਖੀਐ=ਆਖੀਦਾ ਹੈ, ਆਪੇ=ਉਹ ਆਪ
ਹੀ, ਜਾਣੈ=ਜਾਣਦਾ ਹੈ, ਆਪੁ=ਆਪਣੇ ਆਪ)

 

ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥
ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥
ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥
ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥੨੩॥

(ਸਾਲਾਹੀ=ਸਲਾਹੁਣ-ਜੋਗ ਪਰਮਾਤਮਾ, ਸਾਲਾਹਿ=
ਸਿਫ਼ਤਿ-ਸਾਲਾਹ ਕਰ ਕੇ, ਏਤੀ ਸੁਰਤਿ=ਇਤਨੀ ਸਮਝ,
ਨ ਪਾਈਆ=ਕਿਸੇ ਨੇ ਨਹੀਂ ਪਾਈ, ਅਤੈ=ਅਤੇ, ਵਾਹ=
ਵਹਿਣ, ਨਾਲੇ, ਸਮੁੰਦਿ=ਸਮੁੰਦਰ ਵਿਚ, ਨ ਜਾਣੀਅਹਿ=
ਨਹੀਂ ਜਾਣੇ ਜਾਂਦੇ,ਤੇ ਸਮੁੰਦਰ ਦੀ ਥਾਹ ਨਹੀਂ ਪਾ ਸਕਦੇ,
ਸਮੁੰਦ ਸਾਹ ਸੁਲਤਾਨ=ਸਮੁੰਦਰਾਂ ਦੇ ਪਾਤਿਸ਼ਾਹ ਤੇ ਸੁਲਤਾਨ,
ਗਿਰਹਾ ਸੇਤੀ=ਪਹਾੜਾਂ ਜੇਡੇ, ਤੁਲਿ=ਬਰਾਬਰ, ਨ ਹੋਵਨੀ=
ਨਹੀਂ ਹੁੰਦੇ, ਤਿਸੁ ਮਨਹੁ=ਉਹ ਕੀੜੀ ਦੇ ਮਨ ਵਿਚੋਂ, ਜੇ ਨ
ਵੀਸਰਹਿ=ਜੇ ਤੂੰ ਨਾਹ ਵਿਸਰ ਜਾਏਂ)

 

ਅੰਤੁ ਨ ਸਿਫਤੀ ਕਹਣਿ ਨ ਅੰਤੁ ॥
ਅੰਤੁ ਨ ਕਰਣੈ ਦੇਣਿ ਨ ਅੰਤੁ ॥
ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥
ਅੰਤੁ ਨ ਜਾਪੈ ਕਿਆ ਮਨਿ ਮੰਤੁ ॥
ਅੰਤੁ ਨ ਜਾਪੈ ਕੀਤਾ ਆਕਾਰੁ ॥
ਅੰਤੁ ਨ ਜਾਪੈ ਪਾਰਾਵਾਰੁ ॥
ਅੰਤ ਕਾਰਣਿ ਕੇਤੇ ਬਿਲਲਾਹਿ ॥
ਤਾ ਕੇ ਅੰਤ ਨ ਪਾਏ ਜਾਹਿ ॥
ਏਹੁ ਅੰਤੁ ਨ ਜਾਣੈ ਕੋਇ ॥
ਬਹੁਤਾ ਕਹੀਐ ਬਹੁਤਾ ਹੋਇ ॥
ਵਡਾ ਸਾਹਿਬੁ ਊਚਾ ਥਾਉ ॥
ਊਚੇ ਉਪਰਿ ਊਚਾ ਨਾਉ ॥
ਏਵਡੁ ਊਚਾ ਹੋਵੈ ਕੋਇ ॥
ਤਿਸੁ ਊਚੇ ਕਉ ਜਾਣੈ ਸੋਇ ॥
ਜੇਵਡੁ ਆਪਿ ਜਾਣੈ ਆਪਿ ਆਪਿ ॥
ਨਾਨਕ ਨਦਰੀ ਕਰਮੀ ਦਾਤਿ ॥੨੪॥

(ਸਿਫਤੀ=ਸਿਫ਼ਤਾਂ ਦਾ, ਕਰਣੈ=ਬਣਾਈ
ਹੋਈ ਕੁਦਰਤ ਦਾ, ਦੇਣਿ=ਦਾਤਾਂ ਦੇਣ ਨਾਲ,
ਨ ਜਾਪੈ=ਨਹੀਂ ਜਾਪਦਾ, ਮਨਿ=(ਅਕਾਲ
ਪੁਰਖ ਦੇ) ਮਨ ਵਿਚ, ਮੰਤੁ=ਸਲਾਹ, ਕੀਤਾ=
ਬਣਾਇਆ ਹੋਇਆ, ਆਕਾਰੁ=ਇਹ ਜਗਤ
ਜੋ ਦਿੱਸ ਰਿਹਾ ਹੈ, ਪਾਰਾਵਾਰੁ=ਪਾਰਲਾ ਤੇ
ਉਰਲਾ ਬੰਨਾ, ਅੰਤ ਕਾਰਣਿ=ਹੱਦ-ਬੰਨਾ
ਲੱਭਣ ਲਈ, ਕੇਤੇ=ਕਈ ਮਨੁੱਖ, ਬਿਲਲਾਹਿ=
ਵਿਲਕਦੇ ਹਨ,ਤਰਲੇ ਲੈਂਦੇ ਹਨ, ਤਾ ਕੇ ਅੰਤ=
ਉਸ ਅਕਾਲ ਪੁਰਖ ਦੇ ਹੱਦ-ਬੰਨੇ, ਨ ਪਾਏ
ਜਾਹਿ=ਲੱਭੇ ਨਹੀਂ ਜਾ ਸਕਦੇ, ਏਹੁ ਅੰਤ=
ਇਹ ਹੱਦ=ਬੰਨਾ, ਬਹੁਤਾ ਕਹੀਐ=ਜਿਉਂ
ਜਿਉਂ ਅਕਾਲ ਪੁਰਖ ਨੂੰ ਵੱਡਾ ਆਖੀਏ,
ਬਹੁਤਾ ਹੋਇ=ਤਿਉਂ ਤਿਉਂ ਉਹ ਹੋਰ ਵੱਡਾ,
ਥਾਉ=ਅਕਾਲ ਪੁਰਖ ਦੇ ਨਿਵਾਸ ਦਾ ਟਿਕਾਣਾ,
ਉਚੇ ਉਪਰਿ ਊਚਾ=ਉੱਚੇ ਤੋਂ ਉੱਚਾ, ਨਾਉ=
ਨਾਮਣਾ,ਵਡਿਆਈ, ਏਵਡੁ=ਇਤਨਾ ਵੱਡਾ,
ਹੋਵੈ ਕੋਇ=ਜੇ ਕੋਈ ਮਨੁੱਖ ਹੋਵੇ, ਤਿਸੁ ਊਚੇ
ਕਉ=ਉਸ ਉੱਚੇ ਅਕਾਲ ਪੁਰਖ ਨੂੰ, ਸੋਇ=
ਉਹ ਮਨੁੱਖ ਹੀ, ਜੇਵਡੁ=ਜੇਡਾ ਵੱਡਾ, ਜਾਣੈ=
ਜਾਣਦਾ ਹੈ, ਆਪਿ ਆਪਿ=ਕੇਵਲ ਆਪ ਹੀ,
ਨਦਰੀ=ਮਿਹਰ ਦੀ ਨਜ਼ਰ ਕਰਨ ਵਾਲਾ ਹਰੀ,
ਕਰਮੀ=ਕਰਮ ਨਾਲ,ਬਖ਼ਸ਼ਸ਼ ਨਾਲ, ਦਾਤਿ=
ਬਖ਼ਸ਼ਸ਼)

 

ਬਹੁਤਾ ਕਰਮੁ ਲਿਖਿਆ ਨਾ ਜਾਇ ॥
ਵਡਾ ਦਾਤਾ ਤਿਲੁ ਨ ਤਮਾਇ ॥
ਕੇਤੇ ਮੰਗਹਿ ਜੋਧ ਅਪਾਰ ॥
ਕੇਤਿਆ ਗਣਤ ਨਹੀ ਵੀਚਾਰੁ ॥
ਕੇਤੇ ਖਪਿ ਤੁਟਹਿ ਵੇਕਾਰ ॥
ਕੇਤੇ ਲੈ ਲੈ ਮੁਕਰੁ ਪਾਹਿ ॥
ਕੇਤੇ ਮੂਰਖ ਖਾਹੀ ਖਾਹਿ ॥
ਕੇਤਿਆ ਦੂਖ ਭੂਖ ਸਦ ਮਾਰ ॥
ਏਹਿ ਭਿ ਦਾਤਿ ਤੇਰੀ ਦਾਤਾਰ ॥
ਬੰਦਿ ਖਲਾਸੀ ਭਾਣੈ ਹੋਇ ॥
ਹੋਰੁ ਆਖਿ ਨ ਸਕੈ ਕੋਇ ॥
ਜੇ ਕੋ ਖਾਇਕੁ ਆਖਣਿ ਪਾਇ ॥
ਓਹੁ ਜਾਣੈ ਜੇਤੀਆ ਮੁਹਿ ਖਾਇ ॥
ਆਪੇ ਜਾਣੈ ਆਪੇ ਦੇਇ ॥
ਆਖਹਿ ਸਿ ਭਿ ਕੇਈ ਕੇਇ ॥
ਜਿਸ ਨੋ ਬਖਸੇ ਸਿਫਤਿ ਸਾਲਾਹ ॥
ਨਾਨਕ ਪਾਤਿਸਾਹੀ ਪਾਤਿਸਾਹੁ ॥੨੫॥

(ਕਰਮੁ=ਬਖ਼ਸ਼ਸ਼, ਤਿਲੁ=ਤਿਲ ਜਿਤਨੀ,
ਤਮਾਇ=ਲਾਲਚ, ਜੋਧ ਅਪਾਰ=ਅਪਾਰ ਜੋਧੇ,
ਕੇਤਿਆ=ਕਈਆਂ ਦੀ, ਵੇਕਾਰ=ਵਿਕਾਰਾਂ ਵਿਚ,
ਖਪਿ ਤੁਟਹਿ=ਖਪ ਖਪ ਕੇ ਨਾਸ ਹੁੰਦੇ ਹਨ, ਕੇਤੇ=
ਬੇਅੰਤ ਜੀਵ, ਮੁਕਰੁ ਪਾਹਿ=ਮੁਕਰ ਪੈਂਦੇ ਹਨ,
ਖਾਹੀ ਖਾਹਿ=ਖਾਂਦੇ ਹਨ, ਸਦ=ਸਦਾ, ਦਾਤਿ=
ਬਖ਼ਸ਼ਸ਼, ਦਾਤਾਰ=ਹੇ ਦੇਣਹਾਰ ਅਕਾਲ ਪੁਰਖ,
ਬੰਦਿ=ਬੰਦੀ ਤੋਂ,ਮਾਇਆ ਦੇ ਮੋਹ ਤੋਂ, ਖਲਾਸੀ=
ਮੁਕਤੀ,ਛੁਟਕਾਰਾ, ਭਾਣੈ=ਅਕਾਲ ਪੁਰਖ ਦੀ
ਰਜ਼ਾ ਵਿਚ ਤੁਰਿਆਂ, ਹੋਰੁ=ਭਾਣੇ ਦੇ ਉਲਟ
ਕੋਈ ਹੋਰ ਤਰੀਕਾ, ਕੋਇ=ਕੋਈ ਮਨੁੱਖ,
ਖਾਇਕੁ=ਕੱਚਾ ਮਨੁੱਖ,ਮੂਰਖ, ਜੇਤੀਆ=
ਜਿਤਨੀਆਂ (ਚੋਟਾਂ), ਮੁਹਿ=ਮੂੰਹ ਉੱਤੇ,
ਖਾਇ=ਖਾਂਦਾ ਹੈ, ਸਿ ਭਿ=ਇਹ ਗੱਲ ਭੀ,
ਕੇਈ ਕੇਇ=ਕਈ ਮਨੁੱਖ)

 

ਅਮੁਲ ਗੁਣ ਅਮੁਲ ਵਾਪਾਰ ॥
ਅਮੁਲ ਵਾਪਾਰੀਏ ਅਮੁਲ ਭੰਡਾਰ ॥
ਅਮੁਲ ਆਵਹਿ ਅਮੁਲ ਲੈ ਜਾਹਿ ॥
ਅਮੁਲ ਭਾਇ ਅਮੁਲਾ ਸਮਾਹਿ ॥
ਅਮੁਲੁ ਧਰਮੁ ਅਮੁਲੁ ਦੀਬਾਣੁ ॥
ਅਮੁਲੁ ਤੁਲੁ ਅਮੁਲੁ ਪਰਵਾਣੁ ॥
ਅਮੁਲੁ ਬਖਸੀਸ ਅਮੁਲੁ ਨੀਸਾਣੁ ॥
ਅਮੁਲੁ ਕਰਮੁ ਅਮੁਲੁ ਫੁਰਮਾਣੁ ॥
ਅਮੁਲੋ ਅਮੁਲੁ ਆਖਿਆ ਨ ਜਾਇ ॥
ਆਖਿ ਆਖਿ ਰਹੇ ਲਿਵ ਲਾਇ ॥
ਆਖਹਿ ਵੇਦ ਪਾਠ ਪੁਰਾਣ ॥
ਆਖਹਿ ਪੜੇ ਕਰਹਿ ਵਖਿਆਣ ॥
ਆਖਹਿ ਬਰਮੇ ਆਖਹਿ ਇੰਦ ॥
ਆਖਹਿ ਗੋਪੀ ਤੈ ਗੋਵਿੰਦ ॥
ਆਖਹਿ ਈਸਰ ਆਖਹਿ ਸਿਧ ॥
ਆਖਹਿ ਕੇਤੇ ਕੀਤੇ ਬੁਧ ॥
ਆਖਹਿ ਦਾਨਵ ਆਖਹਿ ਦੇਵ ॥
ਆਖਹਿ ਸੁਰਿ ਨਰ ਮੁਨਿ ਜਨ ਸੇਵ ॥
ਕੇਤੇ ਆਖਹਿ ਆਖਣਿ ਪਾਹਿ ॥
ਕੇਤੇ ਕਹਿ ਕਹਿ ਉਠਿ ਉਠਿ ਜਾਹਿ ॥
ਏਤੇ ਕੀਤੇ ਹੋਰਿ ਕਰੇਹਿ ॥
ਤਾ ਆਖਿ ਨ ਸਕਹਿ ਕੇਈ ਕੇਇ ॥
ਜੇਵਡੁ ਭਾਵੈ ਤੇਵਡੁ ਹੋਇ ॥
ਨਾਨਕ ਜਾਣੈ ਸਾਚਾ ਸੋਇ ॥
ਜੇ ਕੋ ਆਖੈ ਬੋਲੁਵਿਗਾੜੁ ॥
ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ ॥੨੬॥

(ਈਸਰ=ਸ਼ਿਵ, ਕੇਤੇ=ਬੇਅੰਤ, ਬੁਧ=ਮਹਾਤਮਾ ਬੁੱਧ,
ਦਾਨਵ=ਰਾਖਸ਼, ਦੇਵ=ਦੇਵਤੇ, ਸੁਰਿ ਨਰ=ਸੁਰਾਂ ਦੇ
ਸੁਭਾਉ ਵਾਲੇ ਮਨੁੱਖ, ਮੁਨਿ ਜਨ=ਮੁਨੀ ਲੋਕ, ਕਹਿ
ਕਹਿ=ਆਖ ਆਖ ਕੇ, ਏਤੇ ਕੀਤੇ=ਇਤਨੇ ਜੀਵ
ਪੈਦਾ ਕੀਤੇ ਹੋਏ, ਜੇਵਡੁ=ਜੇਡਾ ਵੱਡਾ, ਭਾਵੈ=ਚਾਹੁੰਦਾ
ਹੈ, ਤੇਵਡੁ=ਓਡਾ ਵੱਡਾ, ਸਾਚਾ ਸੋਇ=ਉਹ ਸਦਾ=ਥਿਰ
ਰਹਿਣ ਵਾਲਾ ਅਕਾਲ ਪੁਰਖ, ਬੋਲੁ ਵਿਗਾੜੁ=ਬੜਬੋਲਾ)

 

ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥
ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ ॥
ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ ॥
ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥
ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ ॥
ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ ॥
ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ ॥
ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ ॥
ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ॥
ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ ॥
ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ ॥
ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥
ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ॥
ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ ॥
ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥
ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ ॥
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥
ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ॥
ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ ॥
ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ ॥੨੭॥

(ਕੇਹਾ=ਕਿਹੋ ਜਿਹਾ, ਸਮਾਲੇ=ਤੂੰ ਸੰਭਾਲ ਕੀਤੀ ਹੈ, ਨਾਦ=
ਆਵਾਜ਼,ਸ਼ਬਦ,ਰਾਗ, ਵਾਵਣਹਾਰੇ=ਵਜਾਉਣ ਵਾਲੇ, ਪਰੀ=
ਰਾਗਣੀ, ਸਿਉ=ਸਮੇਤ, ਕਹੀਅਨਿ=ਕਹੀਦੇ ਹਨ, ਤੁਹਨੋ=
ਤੈਨੂੰ, ਰਾਜਾ ਧਰਮੁ=ਧਰਮ=ਰਾਜ, ਚਿਤੁ ਗੁਪਤੁ=ਉਹ ਲੋਕ
ਜੋ ਜਮ-ਲੋਕ ਵਿਚ ਰਹਿ ਕੇ ਸੰਸਾਰ ਦੇ ਜੀਵਾਂ ਦੇ ਚੰਗੇ-ਮੰਦ
ਕਰਮਾਂ ਦਾ ਲੇਖਾ ਲਿਖਦੇ ਹਨ, ਬੈਸੰਤਰੁ=ਅੱਗ, ਈਸਰੁ=ਸ਼ਿਵ,
ਬਰਮਾ=ਬ੍ਰਹਮਾ, ਇੰਦ=ਇੰਦਰ ਦੇਵਤ, ਇਦਾਸਣਿ=
(ਇਦ-ਆਸਣਿ), ਇੰਦਰ ਦੇ ਆਸਣ ਉੱਤੇ, ਸਤੀ=ਦਾਨੀ,
ਵੀਰ ਕਰਾਰੇ=ਤਕੜੇ ਸੂਰਮੇ, ਰਖੀਸਰ=(ਰਿਖੀ ਈਸਰ),
ਵੱਡੇ ਵੱਡੇ ਰਿਖੀ, ਮਛ=ਮਾਤ ਲੋਕ ਵਿਚ, ਪਇਆਲੇ=
ਪਤਾਲ ਵਿਚ, ਅਠ ਸਠਿ=ਅਠਾਹਠ ਤੀਰਥ, ਜੋਧ=ਜੋਧ
ਮਹਾ ਬਲ=ਵੱਡੇ ਬਲ ਵਾਲੇ, ਸੂਰਾ=ਸੂਰਮੇ, ਖਾਣੀ ਚਾਰੇ=
ਚਾਰੇ ਖਾਣੀਆਂ, ਅੰਡਜ, ਜੇਰਜ, ਸ੍ਵੇਤਜ, ਉਤਭੁਜ, ਖੰਡ=
ਟੋਟਾ, ਮੰਡਲ=ਚੱਕਰ, ਬ੍ਰਹਿਮੰਡ ਦਾ ਇਕ ਚੱਕਰ, ਵਰਭੰਡਾ=
ਸਾਰੀ ਸ੍ਰਿਸ਼ਟੀ, ਕਰਿ ਕਰਿ=ਬਣਾ ਕੇ, ਧਾਰੇ=ਟਿਕਾਏ ਹੋਏ,
ਸੇਈ=ਉਹੀ ਜੀਵ, ਰਤੇ=ਰੰਗੇ ਹੋਏ, ਰਸਾਲੇ=(ਰਸ+ਆਲਯ)
ਰਸ ਦੇ ਘਰ,ਰਸੀਏ, ਕਿਆ ਵੀਚਾਰੇ=ਕੀਹ ਵਿਚਾਰ ਕਰੇ,
ਨਾਈ=ਵਡਿਆਈ, ਹੋਸੀ=ਹੋਵੇਗਾ, ਜਾਇ ਨ=ਜੰਮਦਾ ਨਹੀਂ,
ਰੰਗੀ ਰੰਗੀ=ਰੰਗਾਂ ਰੰਗਾਂ ਦੀ, ਭਾਤੀ=ਕਈ ਕਿਸਮਾਂ ਦੀ,
ਜਿਨਸੀ=ਕਈ ਜਿਨਸਾਂ ਦੀ, ਵਡਿਆਈ=ਰਜ਼ਾ, ਸਾਹਾ
ਪਾਤਿ ਸਾਹਿਬੁ=ਸ਼ਾਹਾਂ ਦਾ ਪਾਤਿਸ਼ਾਹ, ਰਜਾਈ=ਅਕਾਲ
ਪੁਰਖ ਦੀ ਰਜ਼ਾ ਵਿਚ)

 

ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥
ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥
ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥
ਆਦੇਸੁ ਤਿਸੈ ਆਦੇਸੁ ॥
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੮॥

(ਮੁੰਦਾ=ਮੁੰਦਰਾਂ, ਸਰਮੁ=ਉੱਦਮ,ਮਿਹਨਤ, ਪਤੁ=ਪਾਤ੍ਰ,ਖੱਪਰ, ਕਰਹਿ=
ਜੇ ਤੂੰ ਬਣਾਏਂ, ਬਿਭੂਤਿ=ਗੋਹਿਆਂ ਦੀ ਸੁਆਹ, ਖਿੰਥਾ=ਗੋਦੜੀ, ਕਾਲੁ=
ਮੌਤ, ਕੁਆਰੀ ਕਾਇਆ=ਕੁਆਰਾ ਸਰੀਰ, ਵਿਕਾਰਾਂ ਤੋਂ ਬਚਿਆ ਸਰੀਰ,
ਜੁਗਤਿ=ਜੋਗ ਮੱਤ ਦੀ ਰਹਿਤ, ਪਰਤੀਤ=ਸ਼ਰਧਾ,ਯਕੀਨ)

 

ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ ॥
ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥
ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥
ਆਦੇਸੁ ਤਿਸੈ ਆਦੇਸੁ ॥
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੯॥

(ਭੁਗਤਿ=ਚੂਰਮਾ, ਭੰਡਾਰਣਿ=ਭੰਡਾਰਾ ਵਰਤਾਣ ਵਾਲੀ, ਘਟਿ ਘਟਿ=
ਹਰੇਕ ਸਰੀਰ ਵਿਚ, ਨਾਦ=ਸ਼ਬਦ (ਜੋਗੀ ਭੰਡਾਰਾ ਖਾਣ ਵੇਲੇ ਇਕ
ਨਾਦੀ ਵਜਾਂਦੇ ਹਨ, ਜੋ ਉਹਨਾਂ ਆਪਣੇ ਗਲ ਵਿਚ ਲਟਕਾਈ ਹੁੰਦੀ
ਹੈ), ਆਪਿ=ਅਕਾਲ ਪੁਰਖ ਆਪ, ਨਾਥੀ=ਨੱਥੀ ਹੋਈ,ਵੱਸ ਵਿਚ,
ਰਿਧਿ=ਪਰਤਾਪ,ਵਡਿਆਈ, ਸਿਧਿ=ਜੋਗੀਆਂ ਵਿਚ ਅੱਠ ਵੱਡੀਆਂ
ਸਿੱਧੀਆਂ ਮੰਨੀਆਂ ਗਈਆਂ ਹਨ ‘ਸਿਧਿ ਦੇ ਅਖਰੀ ਅਰਥ ਹਨ
‘ਸਫ਼ਲਤਾ’ ਕਰਾਮਾਤ (ਅੱਠ ਸਿੱਧੀਆਂ ਇਹ ਹਨ:= ‘ਅਣਿਮਾ,
ਲਘਿਮਾ, ਪ੍ਰਾਪਤੀ, ਪ੍ਰਾਕਾਮਯ, ਮਹਿਮਾ, ਈਸ਼ਿੱਤ੍ਰ, ਵਸ਼ਿਤ੍ਰ,
ਕਾਮਾਵਸਾਇਤਾ; ਅਣਿਮਾ=ਇਕ ਅਣੂ ਜਿੰਨਾ ਛੋਟਾ ਬਣਨਾ,
ਲਘਿਮਾ=ਬਹੁਤ ਹੀ ਹੌਲੇ ਭਾਰ ਦਾ ਹੋ ਜਾਣਾ, ਪ੍ਰਾਪਤੀ=ਹਰੇਕ
ਪਦਾਰਥ ਪ੍ਰਾਪਤ ਕਰਨ ਦੀ ਸਮਰਥਾ, ਪ੍ਰਾਕਾਮਯ=ਸੁਤੰਤਰ
ਮਰਜ਼ੀ, ਮਹਿਮਾ=ਆਪਣੇ ਆਪ ਨੂੰ ਜਿਤਨਾ ਚਾਹੇ ਉਤਨਾ
ਵੱਡਾ ਬਣਾਉਣ ਦੀ ਤਾਕਤ, ਈਸ਼ਿੱਤ੍ਰ=ਪ੍ਰਭਤਾ, ਵਸ਼ਿਤ੍ਰ=ਦੂਜੇ
ਨੂੰ ਆਪਣੇ ਵੱਸ ਵਿਚ ਕਰ ਲੈਣਾ, ਕਾਮਾਵਾਸਾਇਤਾ=ਕਾਮ
ਆਦਿਕ ਵਿਕਾਰਾਂ ਨੂੰ ਕਾਬੂ ਵਿਚ ਰੱਖਣ ਦਾ ਬਲ), ਅਵਰਾ=
ਹੋਰ, ਸਾਦ=ਸੁਆਦ,ਚਸਕ, ਸੰਜੋਗੁ=ਮੇਲ, ਵਿਜੋਗੁ=ਵਿਛੋੜਾ,
ਚਲਾਵਹਿ=ਚਲਾ ਰਹੇ ਹਨ, ਲੇਖੇ=ਕੀਤੇ ਕਰਮਾਂ ਦੇ ਲੇਖੇ
ਅਨੁਸਾਰ, ਆਵਹਿ=ਆਉਂਦੇ ਹਨ)

 

ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥
ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥
ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥
ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥
ਆਦੇਸੁ ਤਿਸੈ ਆਦੇਸੁ ॥
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੦॥

(ਏਕਾ=ਇਕੱਲੀ ਮਾਈ,ਮਾਇਆ, ਜੁਗਤਿ=ਜੁਗਤੀ ਨਾਲ,
ਤਰੀਕੇ ਨਾਲ, ਵਿਆਈ=ਪ੍ਰਸੂਤ ਹੋਈ, ਤਿਨਿ= ਤਿੰਨ, ਪਰਵਾਣੁ=
ਪਰਤੱਖ, ਸੰਸਾਰੀ=ਘਰਬਾਰੀ, ਭੰਡਾਰੀ=ਭੰਡਾਰੇ ਦਾ ਮਾਲਕ,
ਲਾਏ=ਲਾਉਂਦਾ ਹੈ, ਦੀਬਾਣੁ=ਦਰਬਾਰ,ਕਚਹਿਰੀ, ਜਿਵ=ਜਿਵੇਂ,
ਤਿਸੁ=ਉਸ ਅਕਾਲ ਪੁਰਖ ਨੂੰ, ਨਦਰਿ ਨ ਆਵੈ=ਦਿਸਦਾ ਨਹੀਂ
ਵਿਡਾਣੁ=ਅਸਚਰਜ ਕੌਤਕ)

 

ਆਸਣੁ ਲੋਇ ਲੋਇ ਭੰਡਾਰ ॥
ਜੋ ਕਿਛੁ ਪਾਇਆ ਸੁ ਏਕਾ ਵਾਰ ॥
ਕਰਿ ਕਰਿ ਵੇਖੈ ਸਿਰਜਣਹਾਰੁ ॥
ਨਾਨਕ ਸਚੇ ਕੀ ਸਾਚੀ ਕਾਰ ॥
ਆਦੇਸੁ ਤਿਸੈ ਆਦੇਸੁ ॥
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੧॥

(ਆਸਣੁ=ਟਿਕਾਣਾ, ਲੋਇ ਲੋਇ=ਹਰੇਕ ਭਵਨ ਵਿਚ, ਕਰਿ
ਕਰਿ=(ਜੀਵਾਂ ਨੂੰ) ਪੈਦਾ ਕਰ ਕ, ਵੇਖੈ=ਸੰਭਾਲ ਕਰਦਾ ਹੈ,
ਸਿਰਜਣਹਾਰੁ=ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ,
ਸਾਚੀ=ਸਦਾ ਅਟੱਲ ਰਹਿਣ ਵਾਲੀ)

 

ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥
ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥
ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥
ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥
ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥੩੨॥

(ਇਕ ਦੂ ਜੀਭੌ=ਇਕ ਜੀਭ ਤੋਂ, ਹੋਹਿ=ਹੋ ਜਾਣ,
ਗੇੜਾ=ਫੇਰੇ,ਚੱਕਰ, ਆਖੀਅਹਿ=ਆਖੇ ਜਾਣ, ਏਕੁ
ਨਾਮੁ ਜਗਦੀਸ=ਜਗਦੀਸ ਦਾ ਇਕ ਨਾਮ, ਜਗਦੀਸ,
ਏਤੁ ਰਾਹਿ=ਇਸ ਰਸਤੇ ਵਿਚ,ਪਤਿ ਪਵੜੀਆ=ਪਤੀ
ਦੀਆਂ ਪਉੜੀਆਂ, ਚੜੀਐ=ਚੜ੍ਹੀਦਾ ਹੈ, ਹੋਇ ਇਕੀਸ=
ਇਕ ਰੂਪ ਹੋ ਕੇ, ਸੁਣਿ=ਸੁਣਿ ਕ, ਕੀਟਾ=ਕੀੜਿਆਂ ਨੂੰ,
ਨਦਰੀ=ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਨਾਲ, ਕੂੜੈ=
ਕੂੜੇ ਮਨੁੱਖ ਦੀ, ਕੂੜੀ ਠਸਿ=ਝੂਠੀ ਗੱਪ)

 

ਆਖਣਿ ਜੋਰੁ ਚੁਪੈ ਨਹ ਜੋਰੁ ॥
ਜੋਰੁ ਨ ਮੰਗਣਿ ਦੇਣਿ ਨ ਜੋਰੁ ॥
ਜੋਰੁ ਨ ਜੀਵਣਿ ਮਰਣਿ ਨਹ ਜੋਰੁ ॥
ਜੋਰੁ ਨ ਰਾਜਿ ਮਾਲਿ ਮਨਿ ਸੋਰੁ ॥
ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥
ਜੋਰੁ ਨ ਜੁਗਤੀ ਛੁਟੈ ਸੰਸਾਰੁ ॥
ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥
ਨਾਨਕ ਉਤਮੁ ਨੀਚੁ ਨ ਕੋਇ ॥੩੩॥

(ਆਖਣਿ=ਆਖਣ ਵਿਚ, ਚੁਪੈ=ਚੁਪ ਵਿਚ,
ਜੋਰੁ=ਸਮਰਥਾ, ਸੋਰੁ=ਰੌਲਾ,ਫੂੰ=ਫਾਂ, ਸੁਰਤੀ=
ਸੁਰਤ ਵਿਚ,ਆਤਮਕ ਜਾਗ ਵਿਚ, ਛੁਟੈ=
ਮੁਕਤ ਹੁੰਦਾ ਹੈ, ਮੁੱਕ ਜਾਂਦਾ ਹੈ, ਕਰਿ ਵੇਖੈ=
(ਸ੍ਰਿਸ਼ਟੀ ਨੂੰ) ਰਚ ਕੇ ਸੰਭਾਲ ਕਰ ਰਿਹਾ ਹੈ,
ਸੋਇ=ਉਹੀ ਅਕਾਲ ਪੁਰਖ)

 

ਰਾਤੀ ਰੁਤੀ ਥਿਤੀ ਵਾਰ ॥
ਪਵਣ ਪਾਣੀ ਅਗਨੀ ਪਾਤਾਲ ॥
ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥
ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥
ਤਿਨ ਕੇ ਨਾਮ ਅਨੇਕ ਅਨੰਤ ॥
ਕਰਮੀ ਕਰਮੀ ਹੋਇ ਵੀਚਾਰੁ ॥
ਸਚਾ ਆਪਿ ਸਚਾ ਦਰਬਾਰੁ ॥
ਤਿਥੈ ਸੋਹਨਿ ਪੰਚ ਪਰਵਾਣੁ ॥
ਨਦਰੀ ਕਰਮਿ ਪਵੈ ਨੀਸਾਣੁ ॥
ਕਚ ਪਕਾਈ ਓਥੈ ਪਾਇ ॥
ਨਾਨਕ ਗਇਆ ਜਾਪੈ ਜਾਇ ॥੩੪॥

(ਰਾਤੀ=ਰਾਤਾਂ, ਰੁਤੀ=ਰੁਤਾਂ, ਥਿਤੀ=
ਥਿਤਾਂ, ਵਾਰ=ਦਿਹਾੜੇ, ਪਵਣ=ਸਭ
ਪ੍ਰਕਾਰ ਦੀ ਹਵਾ, ਤਿਸੁ ਵਿਚਿ=ਇਹਨਾਂ
ਸਾਰਿਆਂ ਦੇ ਸਮੁਦਾਇ ਵਿਚ, ਥਾਪਿ ਰਖੀ=
ਥਾਪ ਕੇ ਰਖ ਦਿਤੀ ਹੈ, ਧਰਮਸਾਲ=ਧਰਮ
ਕਮਾਣ ਦਾ ਅਸਥਾਨ, ਤਿਸੁ ਵਿਚਿ=ਉਸ
ਧਰਤੀ ਉਤੇ, ਜੀਅ ਜੁਗਤਿ=ਜੀਵਾਂ ਦੀ
ਜੁਗਤੀ ਰਹਿਣ ਦੀ ਜੁਗਤੀ, ਕੇ ਰੰਗ=
ਕਈ ਰੰਗਾਂ ਦੇ, ਕਰਮੀ ਕਰਮੀ=ਜੀਵਾਂ
ਦੇ ਕੀਤੇ ਕਰਮਾਂ ਅਨੁਸਾਰ, ਤਿਥੈ=ਅਕਾਲ
ਪੁਰਖ ਦੇ ਦਰਬਾਰ ਵਿਚ, ਸੋਹਨਿ=ਸੋਭਦੇ
ਹਨ, ਪਰਵਾਣੁ=ਪਰਤਖ ਤੌਰ ‘ਤੇ, ਨਦਰੀ
ਕਰਮਿ=ਅਕਾਲ ਪੁਰਖ ਦੀ ਬਖ਼ਸ਼ਸ਼ ਨਾਲ,
ਪਵੈ ਨੀਸਾਣੁ=ਵਡਿਆਈ ਦਾ ਚਿਹਨ ਚਮਕ
ਪੈਂਦਾ ਹੈ, ਕਚ=ਕਚਿਆਈ, ਪਕਾਈ=
ਪਕਿਆਈ, ਓਥੈ=ਅਕਾਲ ਪੁਰਖ ਦੀ
ਦਰਗਾਹ ਵਿਚ, ਪਾਇ=ਪਾਈ ਜਾਂਦੀ ਹੈ,
ਗਇਆ=ਜਾ ਕੇ ਹੀ, ਜਾਪੈ ਜਾਇ=
ਜਾਣਿਆ ਜਾਂਦਾ ਹੈ)

 

ਧਰਮ ਖੰਡ ਕਾ ਏਹੋ ਧਰਮੁ ॥
ਗਿਆਨ ਖੰਡ ਕਾ ਆਖਹੁ ਕਰਮੁ ॥
ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥
ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥
ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥
ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥
ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥
ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥
ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥
ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥੩੫॥

(ਧਰਮੁ=ਮੰਤਵ, ਆਖਹੁ=ਦੱਸੋ, ਕਰਮ=ਕੰਮ, ਏਹੋ=ਇਹੀ
ਜੋ ਉਪਰ ਦਸਿਆ ਗਿਆ ਹੈ, ਕੇਤੇ=ਕਈ, ਬੇਅੰਤ ਵੈਸੰਤਰ=
ਅਗਨੀਆਂ, ਮਹੇਸ=ਸ਼ਿਵ, ਬਰਮੇ=ਕਈ ਬ੍ਰਹਮਾ, ਘਾੜਤਿ
ਘੜੀਅਹਿ=ਘਾੜਤ ਵਿਚ ਘੜੀਦੇ ਹਨ, ਕੇ ਵੇਸ=ਕਈ ਵੇਸਾਂ
ਦੇ, ਕੇਤੀਆ=ਕਈ, ਕਰਮ ਭੂਮੀ=ਕੰਮ ਕਰਨ ਦੀਆਂ ਭੂਮੀਆਂ,
ਮੇਰ=ਮੇਰੁ ਪਰਬਤ, ਧੂ=ਧਰੂ ਭਗਤ, ਉਪਦੇਸ਼=ਉਹਨਾਂ ਧਰੂ
ਭਗਤਾਂ ਦੇ ਉਪਦੇਸ਼, ਇੰਦ=ਇੰਦਰ ਦੇਵਤ, ਚੰਦ=ਚੰਦਰਮਾ,
ਸੂਰ=ਸੂਰਜ ਮੰਡਲ, ਦੇਸ=ਭਵਣ-ਚਕੱਰ, ਬੁਧ=ਬੁਧ ਅਵਤਾਰ,
ਦੇਵੀ ਵੇਸ=ਦੇਵੀਆਂ ਦੇ ਪਹਿਰਾਵੇ, ਦਾਨਵ=ਰਾਖਸ਼, ਮੁਨਿ=
ਮੋਨ-ਧਾਰੀ ਰਿਸ਼ੀ, ਰਤਨ ਸੁਮੰਦ=ਰਤਨ ਅਤੇ ਸਮੁੰਦਰ,
ਪਾਤ=ਪਾਤਸ਼ਾਹ, ਨਰਿੰਦ=ਰਾਜੇ, ਸੁਰਤੀ=ਸੁਰਤਾਂ, ਲਿਵ)

 

ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥
ਤਿਥੈ ਨਾਦ ਬਿਨੋਦ ਕੋਡ ਅਨੰਦੁ ॥
ਸਰਮ ਖੰਡ ਕੀ ਬਾਣੀ ਰੂਪੁ ॥
ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ ॥
ਤਾ ਕੀਆ ਗਲਾ ਕਥੀਆ ਨਾ ਜਾਹਿ ॥
ਜੇ ਕੋ ਕਹੈ ਪਿਛੈ ਪਛੁਤਾਇ ॥
ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥
ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ॥੩੬॥

(ਮਹਿ=ਵਿਚ, ਪਰਚੰਡ=ਤੇਜ਼, ਤਿਥੈ=ਉਸ
ਗਿਆਨ ਖੰਡ ਵਿਚ, ਨਾਦ=ਰਾਗ, ਬਿਨੋਦ=
ਤਮਾਸ਼ੇ ਕੋਡ=ਕੌਤਕ, ਅਨੰਦੁ=ਸੁਆਦ,
ਸਰਮ ਖੰਡ ਕੀ=ਉਦਮ ਅਵਸਥਾ ਦੀ,
ਬਾਣੀ=ਬਨਾਵਟ, ਰੂਪ=ਸੁੰਦਰਤਾ, ਤਿਥੈ=
ਇਸ ਮਿਹਨਤ ਵਾਲੀ ਅਵਸਥਾ ਵਿਚ,
ਘਾੜਤਿ ਘੜੀਐ=ਘਾੜਤ ਵਿਚ ਘੜਿਆ
ਜਾਂਦਾ ਹੈ, ਬਹੁਤੁ ਅਨੂਪੁ=ਬਹੁਤ ਸੋਹਣਾ,
ਤਾ ਕੀਆ=ਉਸ ਅਵਸਥਾ ਦੀਆਂ,
ਕਥੀਆ ਨ ਜਾਹਿ=ਕਹੀਂਆਂ ਨਹੀਂ ਜਾ
ਸਕਦੀਆਂ, ਕੋ=ਕੋਈ ਮਨੁੱਖ, ਕਹੈ=ਆਖੈ,
ਪਿਛੈ=ਦੱਸਣ ਤੋਂ ਪਿੱਛੋਂ, ਪਛੁਤਾਇ=
ਪਛੁਤਾਉਂਦਾ ਹੈ, ਤਿਥੈ=ਉਸ ਖੰਡ ਵਿਚ,
ਘੜੀਐ=ਘੜੀ ਜਾਂਦੀ ਹੈ, ਮਨਿ ਬੁਧਿ=
ਮਨ ਵਿਚ ਜਾਗ੍ਰਤ, ਸੁਰਾ ਕੀ ਸੁਧਿ=
ਦੇਵਤਿਆਂ ਦੀ ਸੂਝ, ਸਿਧਾ ਕੀ ਸੁਧਿ=
ਸਿੱਧਾਂ ਵਾਲੀ ਅਕਲ)

 

ਕਰਮ ਖੰਡ ਕੀ ਬਾਣੀ ਜੋਰੁ ॥
ਤਿਥੈ ਹੋਰੁ ਨ ਕੋਈ ਹੋਰੁ ॥
ਤਿਥੈ ਜੋਧ ਮਹਾਬਲ ਸੂਰ ॥
ਤਿਨ ਮਹਿ ਰਾਮੁ ਰਹਿਆ ਭਰਪੂਰ ॥
ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥
ਤਾ ਕੇ ਰੂਪ ਨ ਕਥਨੇ ਜਾਹਿ ॥
ਨਾ ਓਹਿ ਮਰਹਿ ਨ ਠਾਗੇ ਜਾਹਿ ॥
ਜਿਨ ਕੈ ਰਾਮੁ ਵਸੈ ਮਨ ਮਾਹਿ ॥
ਤਿਥੈ ਭਗਤ ਵਸਹਿ ਕੇ ਲੋਅ ॥
ਕਰਹਿ ਅਨੰਦੁ ਸਚਾ ਮਨਿ ਸੋਇ ॥
ਸਚ ਖੰਡਿ ਵਸੈ ਨਿਰੰਕਾਰੁ ॥
ਕਰਿ ਕਰਿ ਵੇਖੈ ਨਦਰਿ ਨਿਹਾਲ ॥
ਤਿਥੈ ਖੰਡ ਮੰਡਲ ਵਰਭੰਡ ॥
ਜੇ ਕੋ ਕਥੈ ਤ ਅੰਤ ਨ ਅੰਤ ॥
ਤਿਥੈ ਲੋਅ ਲੋਅ ਆਕਾਰ ॥
ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥
ਵੇਖੈ ਵਿਗਸੈ ਕਰਿ ਵੀਚਾਰੁ ॥
ਨਾਨਕ ਕਥਨਾ ਕਰੜਾ ਸਾਰੁ ॥੩੭॥

(ਕਰਮ=ਬਖਸ਼ਸ਼ , ਬਾਣੀ=ਬਨਾਵਟ,
ਜੋਰੁ=ਬਲ, ਹੋਰੁ ਨ ਕੋਈ ਹੋਰੁ=ਅਕਾਲ
ਪੁਰਖ ਤੋਂ ਬਿਨਾ ਦੂਜਾ ਉਕਾ ਹੀ ਕੋਈ
ਨਹੀਂ ਹੈ, ਜੋਧ=ਜੋਧ, ਮਹਾਬਲ=ਵਡੇ
ਬਲ ਵਾਲੇ, ਸੂਰ=ਸੂਰਮੇ, ਤਿਨ ਮਹਿ=
ਉਹਨਾਂ ਵਿਚ, ਰਹਿਆ ਭਰਭੂਰ=ਪੂਰਾ
ਭਰਿਆ ਹੋਇਆ ਹੈ, ਸੀਤੋ ਸੀਤਾ=
ਪੂਰਨ ਤੌਰ ‘ਤੇ ਸੀਤਾ ਹੋਇਆ ਹੈ,
ਮਹਿਮਾ=ਵਡਿਆਈ, ਮਾਹਿ=ਵਿਚ,
ਤਾ ਕੇ=ਉਹਨਾਂ ਮਨੁੱਖਾਂ ਦੇ, ਓਹਿ=
ਉਹ ਬੰਦੇ, ਨਾ ਮਰਹਿ=ਆਤਮਕ ਮੌਤ
ਮਰਦੇ ਨਹੀਂ ਹਨ, ਨ ਠਾਗੇ ਜਾਹਿ=ਠੱਗੇ
ਨਹੀਂ ਜਾ ਸਕਦੇ, ਕੇ ਲੋਅ=ਕਈ ਭਵਣਾਂ
ਦੇ, ਸਚਾ ਸੋਇ=ਉਹ ਸੱਚਾ ਹਰੀ, ਸਚਿ
ਖੰਡਿ=ਸਚ ਖੰਡ ਵਿਚ, ਕਰਿ ਕਰਿ=ਸ੍ਰਿਸ਼ਟੀ
ਰਚ ਕੇ, ਨਦਰਿ ਨਿਹਾਲ=ਨਿਹਾਲ ਕਰਨ
ਵਾਲੀ ਨਜ਼ਰ ਨਾਲ, ਵੇਖੈ=ਵੇਖਦਾ ਹੈ,ਸੰਭਾਲ
ਕਰਦਾ ਹੈ, ਵਰਭੰਡ= ਬ੍ਰਹਿਮੰਡ, ਕੋ=ਕੋਈ
ਮਨੁੱਖ, ਕਥੈ=ਦੱਸਣ ਲੱਗੇ, ਤ ਅੰਤ ਨ ਅੰਤ=
ਇਹਨਾਂ ਖੰਡਾਂ ਮੰਡਲਾਂ ਤੇ ਬ੍ਰਹਿਮੰਡਾਂ ਦੇ ਅੰਤ
ਨਹੀਂ ਪੈ ਸਕਦੇ, ਲੋਅ ਲੋਅ=ਕਈ ਲੋਕ,
ਵਿਗਸੈ=ਵਿਗਸਦਾ ਹੈ,ਖ਼ੁਸ਼ ਹੁੰਦਾ ਹੈ, ਕਰਿ
ਵੀਚਾਰੁ=ਵੀਚਾਰ ਕਰ ਕੇ, ਕਥਨਾ=ਕਥਨ
ਕਰਨਾ, ਕਰੜਾ ਸਾਰੁ=ਕਰੜਾ ਜਿਵੇਂ ਲੋਹਾ)

 

ਜਤੁ ਪਾਹਾਰਾ ਧੀਰਜੁ ਸੁਨਿਆਰੁ ॥
ਅਹਰਣਿ ਮਤਿ ਵੇਦੁ ਹਥੀਆਰੁ ॥
ਭਉ ਖਲਾ ਅਗਨਿ ਤਪ ਤਾਉ ॥
ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥
ਘੜੀਐ ਸਬਦੁ ਸਚੀ ਟਕਸਾਲ ॥
ਜਿਨ ਕਉ ਨਦਰਿ ਕਰਮੁ ਤਿਨ ਕਾਰ ॥
ਨਾਨਕ ਨਦਰੀ ਨਦਰਿ ਨਿਹਾਲ ॥੩੮॥

(ਜਤੁ=ਆਪਣੇ ਸਰੀਰਕ ਇੰਦ੍ਰੀਆਂ ਨੂੰ
ਵਿਕਾਰਾਂ ਵਲੋਂ ਰੋਕ ਰੱਖਣਾ ਪਾਹਾਰਾ=
ਸੁਨਿਆਰੇ ਦੀ ਦੁਕਾਨ, ਮਤਿ=ਅਕਲ,
ਵੇਦ=ਗਿਆਨ, ਹਥੀਆਰੁ=ਹਥੌੜਾ,
ਭਉ=ਅਕਾਲ ਪੁਰਖ ਦਾ ਡਰ, ਖਲਾ=
ਖੱਲਾਂ,ਧੌਂਕਣੀ, ਤਪਤਾਉ=ਤਪਾਂ ਨਾਲ
ਤਪਣਾ, ਭਾਂਡਾ=ਕੁਠਾਲੀ, ਭਾਉ=ਪ੍ਰੇਮ,
ਅੰਮ੍ਰਿਤੁ=ਅਕਾਲ ਪੁਰਖ ਦਾ ਅਮਰ
ਕਰਨ ਵਾਲਾ ਨਾਮ, ਤਿਤੁ=ਉਸ ਭਾਂਡੇ
ਵਿਚ, ਘੜੀਐ ਸਬਦੁ=ਸ਼ਬਦ ਘੜਿਆ
ਜਾਂਦਾ ਹੈ, ਸੱਚੀ ਟਕਸਾਲ=ਇਸ ਸੱਚੀ
ਟਕਸਾਲ ਵਿਚ, ਜਿਨ ਕਉ=ਜਿਨ੍ਹਾਂ
ਮਨੁੱਖਾਂ ਉਤੇ, ਨਦਰਿ=ਮਿਹਰ ਦੀ
ਨਜ਼ਰ, ਕਰਮੁ=ਬਖ਼ਸ਼ਸ਼, ਤਿਨ ਕਾਰ=
ਉਹਨਾਂ ਮਨੁੱਖਾਂ ਦੀ ਹੀ ਇਹ ਕਾਰ ਹੈ,
ਨਿਹਾਲ=ਪਰਸੰਨ, ਨਦਰੀ=ਮਿਹਰ ਦੀ
ਨਜ਼ਰ ਵਾਲਾ ਪ੍ਰØਭੂ)

 

ਸਲੋਕੁ ॥
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥੮॥

(ਪਵਣੁ=ਹਵਾ,ਪ੍ਰਾਣ, ਮਹਤੁ=ਵੱਡੀ, ਦੁਇ=ਦੋਵੇਂ,
ਦਾਇਆ=ਦਿਨ ਖਿਡਾਵਾ ਹੈ, ਦਾਈ=ਰਾਤ
ਖਿਡਾਵੀ ਹੈ, ਸਗਲ=ਸਾਰਾ, ਵਾਚੈ=ਪਰਖਦਾ ਹੈ,
ਪੜ੍ਹਦਾ ਹੈ, ਹਦੂਰਿ=ਅਕਾਲ ਪੁਰਖ ਦੀ ਹਜ਼ੂਰੀ
ਵਿਚ, ਕਰਮੀ=ਕਰਮਾਂ ਅਨੁਸਾਰ, ਕੇ=ਕਈ ਜੀਵ,
ਨੇੜੈ=ਅਕਾਲ ਪੁਰਖ ਦੇ ਨਜ਼ਦੀਕ, ਜਿਨੀ=ਜਿਨ੍ਹਾਂ
ਮਨੁੱਖਾਂ ਨੇ, ਤੇ=ਉਹ ਮਨੁੱਖ, ਮਸਕਤਿ=ਮਸ਼ੱਕਤਿ,
ਮਿਹਨਤ, ਘਾਲਿ=ਘਾਲ ਕੇ, ਮੁਖ ਉਜਲੇ=ਉੱਜਲ
ਮੁਖ ਵਾਲੇ, ਕੇਤੀ=ਕਈ ਜੀਵ, ਛੁਟੀ=ਮੁਕਤ ਹੋ
ਗਈ, ਨਾਲਿ=ਉਹਨਾਂ ਦੀ ਸੰਗਤ ਵਿਚ)

By Saavan

Saavan is a platform where different people with common interest in poetry can come together and share their poetry. It is a kind of interactive forum where anyone can post, read, comment and rate poems. Poets with their profiles can be found at ‘poets’ page. In this way, Saavan provide a medium to unleash your talents and get wide audience to appreciate your writings.

Leave a comment